03/10/2021: “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਗੁਰਬਾਣੀ ਦੇ ਮਹਾਂ ਵਾਕ ਨੂੰ ਜੀਵਨ ਦੇ ਅਮਲ ਵਿੱਚ ਕਮਾਉਂਦਿਆ #ਰੁੱਖ_ਲਗਾਓ_ਧਰਤ_ਬਚਾਓ ਮੁਹਿੰਮ ਦੇ ਤਹਿਤ ਇਲਾਕੇ ਪੱਧਰ ਵਿੱਚ ਬੂਟੇ ਲਾਉਣ ਦੀ ਪਿਛਲੇ ਦਿਨੀਂ ਸੁਰੂਆਤ ਕਰਦਿਆਂ ਦੇਸ਼ ਪੁਆਧ ਨੌਜਵਾਨ ਸਭਾ ਵੱਲੋਂ ਪੰਜਾਬ ਵਾਤਾਵਰਨ ਸੋਸਾਇਟੀ(ਰਜਿ.) ਅਤੇ ਸੰਸਥਾ ਸਿੱਖ ਪੋਰਟਲ (Sikh Portal) ਦੇ ਸਹਿਯੋਗ ਨਾਲ ਹੁਣ ਤੱਕ 13 ਗੇੜਾ ਵਿੱਚ ਜਿਲਾ ਮੋਹਾਲੀ ਅਤੇ ਰੋਪੜ ਦੇ ਵੱਖ ਵੱਖ ਪਿੰਡਾਂ, ਪਿੰਡ ਬੜੌਦੀ, ਪਿੰਡ ਗੁੰਨੋਮਾਜਰਾ,ਪਿੰਡ ਲੁਬਾਣਗੜ੍ਹ, ਰੋਪੜ ਸੁਖਰਾਮਪੁਰ ਇੰਨਕਲੇਵ, ਝਿੰਗੜਾ ਕਲਾਂ, ਰਕੌਲੀ , ਅੱਲਾਪੁਰ, ਰਡਿਆਲਾ, ਸਨੇਟਾ (ਲਾਂਡਰਾ ਬਨੂੜ ਰੋਡ) ਅਤੇ ਪਿੰਡ ਫਾਟਵਾਂ ਆਦਿ ਵਿਖੇ ਲੱਗਭੱਗ 2500 ਬੂਟੇ ਲਾਗਏ ਗਏ ਹਨ।

ਵਾਤਾਵਰਨ ਅਤੇ ਕੁਦਰਤੀ ਸੋਮੇ ਮਾਹਿਰਾਂ ਅਨੁਸਾਰ ਸਾਵੀਂ ਪੱਧਰੀ ਜ਼ਿੰਦਗੀ ਲਈ ਕਰੀਬ 33% ਭੂਮੀ ਜੰਗਲਾਂ ਹੇਠ ਹੋਣੀ ਚਾਹੀਦੀ ਹੈ । 1947 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦਾ ਜੰਗਲ ਹੇਠਲਾ ਰਕਬਾ 24 ਪ੍ਰਤੀਸ਼ਤ ਦੇ ਨੇੜੇ ਸੀ। ਫਾਰੈਸਟ ਸਰਵੇ ਆਫ ਇੰਡੀਆ ਦੀ 2019 ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਇਹ ਰਕਬਾ ਘਟ ਕੇ ਸਿਰਫ 3.67 ਪ੍ਰਤੀਸ਼ਤ ਰਹਿ ਗਿਆ ਹੈ। ਸਾਨੂੰ ਸਰਕਾਰ ਉੱਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਪੰਚਾਇਤੀ ਜ਼ਮੀਨਾਂ ਦੇ ਤੀਜੇ ਹਿੱਸੇ ਉੱਤੇ ਜੰਗਲ/ਝਿੜੀਆਂ ਲਗਾਏ ਜਾਣ। ਪੁਰਾਤਨ ਪੰਜਾਬ ਵਿਚ ਬਹੁਤੇ ਪਿੰਡਾਂ ਦੇ ਨਾਲ ਇਕ ਸੰਘਣਾ ਵਣ(ਝਿੜੀ) ਹੁੰਦਾ ਸੀ। ਇਹ ਝਿੜੀਆਂ ਜੀਵ-ਜੰਤੂਆਂ ਦੀ ਪਨਾਹਗਾਹ ਵਜੋਂ ਕੰਮ ਕਰਨ ਦੇ ਨਾਲ-ਨਾਲ ਪਿੰਡ ਦੀ ਆਬੋ-ਹਵਾ ਨੂੰ ਸਾਫ ਰੱਖਣ ਅਤੇ ਮੀਂਹ ਦਾ ਪਾਣੀ ਧਰਤੀ ਵਿਚ ਜਜ਼ਬ ਕਰਨ ਵਿਚ ਵੀ ਯੋਗਦਾਨ ਪਾਉਂਦੀਆਂ ਸਨ। ਇਸਦੇ ਨਾਲ ਹੀ ਸਮੂਹ ਪਰਵਾਸੀ ਵੀਰਾਂ-ਭੈਣਾਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਪੰਜਾਬ ਵਿਚਲੀਆਂ ਜ਼ਮੀਨਾਂ ਦੇ ਘੱਟੋ-ਘੱਟ ਤੀਜੇ ਹਿੱਸੇ ਉੱਤੇ ਜੰਗਲ /ਝਿੜੀਆਂ ਜਰੂਰ ਲਾਉਣ। ਦੇਸ਼ ਪੁਆਧ ਦੇ ਜਿਲਾ ਮੋਹਾਲੀ ਅਤੇ ਰੋਪੜ ਵਿੱਚ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਾਸੀਆਂ ਖਾਸਕਰ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਇਸ #ਰੁੱਖ_ਲਗਾਓ_ਧਰਤ_ਬਚਾਓ ਮੁਹਿੰਮ ਦਾ ਹਿੱਸਾ ਬਣੋ ਤਾਂ ਜੋ ਇਸ ਧਰਤੀ ਨੂੰ ਹਰਿਆ ਭਰਿਆ ਕਰਕੇ ਰੋਗ ਰਹਿਤ ਬਣਾਈਏ ਅਤੇ ਸਾਹ, ਦਮਾ, ਦਿਲ ਰੋਗ ਤੇ ਕਰੋਨੇ ਵਰਗੀਆਂ ਮਨੁੱਖ ਦੇ ਗੈਰ-ਕੁਦਰਤੀ ਕਾਰਨਾਮਿਆ ਦੀ ਦੇਣ ਸਦਕਾ ਪੈਦਾ ਹੋਈਆ ਬਿਮਾਰੀਆਂ ਤੋਂ ਬੱਚਣ ਦਾ ਉੱਦਮ ਕਰੀਏ। ਇਸੇ ਤਰਾਂ ਜੰਗਲ ਹੇਠਲਾ ਰਕਬਾ ਵਧਣ ਨਾਲ ਪੰਜਾਬ ਦੀ ਆਬੋ-ਹਵਾ ਦਾ ਸੁਧਾਰ ਤਾਂ ਹੋਵੇਗਾ ਹੀ, ਪੰਜਾਬ ਦੇ ਸੁੱਕ ਰਹੇ ਸੱਭਿਆਚਾਰਕ ਅਵਚੇਤਨ ਦੀ ਹਰਿਆਵਲ ਵੀ ਵਾਪਸ ਆਵੇਗੀ।